ਜਿਨਸੀ ਚੋਣ ਸਰੋਤ : ਡਾ.ਸੁਰਜੀਤ ਸਿੰਘ ਢਿੱਲੋਂ, ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਡਾਰਵਿਨ ਨੇ ‘ਕੁਦਰਤੀ ਚੋਣ ’ ਦੇ ਨਾਲ ਨਾਲ, ਲਿੰਗ ਆਧਾਰ ਵਾਲੀ ਚੋਣ ਦੀ ਗੱਲ ਵੀ ਕੀਤੀ ਹੈ। ਡਾਰਵਿਨ ਦੀ ਇਸ ਗੱਲ ਦਾ ਸਾਧਾਰਨ ਸ਼ਬਦਾਂ 'ਚ ਇਹ ਉਲੱਥਾ ਕੀਤਾ ਜਾ ਸਕਦਾ ਹੈ: ‘ਮਦੀਨਾਂ ਨਰਾਂ ਦੀ ਚੋਣ ਕਰਕੇ, ਅਗੋਂ ਉਨ੍ਹਾਂ ਦਾ ਹੀ ਵੰਸ਼ ਵਧਾਉਂਦੀਆਂ ਰਹਿੰਦੀਆਂ ਹਨ’।

ਨਰ ਪੰਛੀਆਂ ਦੇ ਖਿਲਵੇਂ ਰੰਗ , ਉਨ੍ਹਾਂ ਨੂੰ ਭਾਵੇਂ ਸ਼ਿਕਾਰੀ ਜਾਨਵਰਾਂ ਦੀਆਂ ਨਜ਼ਰਾਂ 'ਚ ਉਭਾਰਦੇ ਰਹਿੰਦੇ ਹਨ, ਪਰ ਨਾਲ ਹੀ ਇਹ ਰੰਗ ਮਦੀਨਾਂ ਨੂੰ ਵੀ ਮੋਹਿਤ ਕਰਦੇ ਰਹਿੰਦੇ ਹਨ। ਮੋਰ ਮੋਰਨੀਆਂ ਨੂੰ ਅਤੇ ਮੁਰਗ਼ੇ ਮੁਰਗ਼ੀਆਂ ਨੂੰ ਲੁਭਾਉਣ ਲਈ ਖਿਲਵੇਂ ਰੰਗ ਅਪਣਾਉਂਦੇ ਹੋਏ ਵਿਕਸਿਤ ਹੋਏ ਹਨ। ਕੇਵਲ ਇਹੋ ਪੰਛੀ ਨਹੀਂ , ਹੋਰ ਪੰਛੀ ਵੀ, ਪਸ਼ੂ ਵੀ, ਮੱਛੀਆਂ ਵੀ, ਕਿਰਲੇ-ਸੱਪ ਵੀ, ਡੱਡੂ ਵੀ ਅਤੇ ਕੀਟ ਵੀ ਇਹੋ ਕਰਦੇ ਰਹੇ ਹਨ। ਜਿਸ ਨਰ ਦੀ ਚੋਣ ਮਦੀਨ ਕਰਦੀ ਹੈ, ਉਸੇ ਦੀਆਂ ਵਿਸ਼ੇਸ਼ਤਾਵਾਂ ਨਾਲ ਲੈਸ ਸੰਤਾਨ ਨੂੰ ਇਹ ਜਨਮ ਦਿੰਦੀ ਹੈ। ਸੰਭੋਗੀ ਸਬੰਧ ਬਣਾਉਣ ਲਈ ਮਦੀਨ ਜਿਸ ਜਿਸ ਨਰ ਪ੍ਰਾਣੀ ਦੀ ਚੋਣ ਕਰਦੀ ਹੈ, ਉਸੇ ਦੀਆਂ ਵਿਸ਼ੇਸ਼ਤਾਵਾਂ ਇਨ੍ਹਾਂ ਦੀ ਸੰਤਾਨ ਨੂੰ ਵਿਰਸੇ 'ਚ ਮਿਲ ਜਾਂਦੀਆਂ ਹਨ। ਫਿਰ ਅਗਾਂਹ ਵੀ ਇਨ੍ਹਾਂ ਦਾ ਪ੍ਰਸਾਰ , ਪੀਹੜੀ-ਦਰ-ਪੀਹੜੀ, ਇਕ ਨਿਰਧਾਰਤ ਦਿਸ਼ਾ’ਚ ਹੁੰਦਾ ਰਹਿੰਦਾ ਹੈ।

ਪਾਲਤੂ ਜਾਨਵਰਾਂ ਦੇ ਪ੍ਰਸੰਗ 'ਚ, ਮਦੀਨ-ਪ੍ਰਾਣੀ ਦੀ ਭੂਮਿਕਾ , ਇਨ੍ਹਾਂ ਨੂੰ ਪਾਲਦੇ ਮਨੁੱਖ ਨੇ ਨਿਭਾਈ, ਜਿਸ ਕਾਰਨ ਕਬੂਤਰਾਂ, ਮੁਰਗ਼ਿਆਂ, ਘੋੜਿਆਂ ਅਤੇ ਕੁੱਤਿਆਂ ਦੀਆਂ ਨਵੀਆਂ–ਨਵੀਆਂ ਕਿਸਮਾਂ ਹੋਂਦ 'ਚ ਆਈਆਂ। ਦਿਖਾਈ ਦਿੰਦੇ ਰੰਗਾਂ ਜਾਂ ਇਨ੍ਹਾਂ ਦੇ ਚਿਤਰੇ ਨਮੂਨਿਆਂ ਵੱਲ ਹੀ ਨਹੀਂ, ਜਾਨਵਰਾਂ ਨੂੰ ਪਾਲਦੇ ਮਨੁੱਖ ਦਾ ਧਿਆਨ ਪਾਲਤੂ ਪ੍ਰਾਣੀਆਂ ਦੀਆਂ ਹੋਰਨਾਂ ਵਿਸ਼ੇਸ਼ਤਾਵਾਂ ਵੱਲ ਵੀ ਜਾਂਦਾ ਰਿਹਾ ਸੀ। ਪੰਛੀਆਂ ਦੀਆਂ ਬੋਲੀਆਂ ਨਾਲ ਮੋਹਿਤ ਹੋਏ ਮਨੁੱਖ ਨੇ ਇਨ੍ਹਾਂ ਦੀ ਇਸੇ ਮੰਤਵ ਨਾਲ ਨਸਲਕਸ਼ੀ ਆਰੰਭੀ। ਉਧਰ ਕੁੱਤਿਆਂ ਦੇ ਕੱਦ ਅਤੇ ਸੁਭਾਓ ਨੂੰ ਮੁੱਖ ਰੱਖ ਕੇ, ਇਨ੍ਹਾਂ ਦੀ ਨਸਲਕਸ਼ੀ ਵੱਲ ਧਿਆਨ ਦਿੱਤਾ। ਮੱਝਾਂ-ਗਊਆਂ ਦੀ ਨਸਲਕਸ਼ੀ ਕਰਦਿਆਂ, ਉਨ੍ਹਾਂ ਦੀ ਦੁੱਧ ਦੇਣ ਦੀ ਯੋਗਤਾ ਨੂੰ ਮੁੱਖ ਰਖਿਆ। ਇਨ੍ਹਾਂ ਪਾਲਤੂ ਪ੍ਰਾਣੀਆਂ ਦੀ ਨਸਲਕਸੀ ਕਰਦਿਆਂ ਤਾਂ ਮਨੁੱਖ ਨੇ ਆਪਣੀ ਸੂਝ-ਸਮਝ ਵਰਤੀ, ਜਦ ਕਿ ਮਦੀਨਾਂ, ਸੰਤਾਨ ਪੈਦਾ ਕਰਨ ਲਈ ਨਰਾਂ ਦੀ ਚੋਣ ਮਨੋਵੇਗੀ ਤਰੰਗ ਤੋਂ ਉਤੇਜਿਤ ਹੋ ਕੇ ਕਰਦੀਆਂ ਰਹੀਆਂ ਹਨ। ਆਪਣੇ ਹੱਕ ’ਚ ਮਦੀਨਾਂ ਦੀ ਮਨੋਵੇਗੀ ਖਿੱਚ ਨੂੰ ਉਤੇਜਿਤ ਕਰਨ ਲਈ ਨਰ ਵੀ ਭਾਂਤ–ਭਾਂਤ ਦੇ ਹਰਬੇ ਵਰਤਦੇ ਹੋਏ ਵਿਕਸਿਤ ਹੁੰਦੇ ਰਹੇ ਹਨ।

ਜਿਵੇਂ ਮਾਲੀ ਅਤੇ ਬਾਗ਼ਵਾਨ ਗੁਲਾਬ ਦਿਆਂ ਫੁੱਲਾਂ ਦੀ ਮਹਿਕ ਤੋਂ ਅਤੇ ਇਨ੍ਹਾਂ ਦਿਆਂ ਰੰਗਾਂ ਤੋਂ ਪ੍ਰਭਾਵਿਤ ਹੁੰਦੇ ਰਹੇ, ਉਸੇ ਪ੍ਰਕਾਰ ਮੋਰਨੀਆਂ, ਸੰਭੋਗੀ ਸਬੰਧ ਬਣਾਉਣ ਲਈ, ਮੋਰਾਂ ਦੀ ਦਿੱਖ ਤੋਂ ਪ੍ਰਭਾਵਿਤ ਹੁੰਦੀਆਂ ਰਹੀਆਂ। ਭਾਵੇਂ ਮਾਲੀ ਨੂੰ ਤਾਂ ਇਹ ਅਨੁਭਵ ਹੁੰਦਾ ਹੈ ਕਿ ਉਹ ਚੋਣ ਕਰ ਰਿਹਾ ਹੈ, ਪਰ ਮੋਰਨੀ ਨੂੰ ਪਤਾ ਵੀ ਨਹੀਂ ਲਗਦਾ ਕਿ ਉਹ ਸੰਭੋਗੀ ਸਾਥ ਲਈ ਇਕ ਮੋਰ ਨੂੰ ਦੂਜੇ ਉਪਰ ਕਿਉਂ ਤਰਜੀਹ ਦੇ ਰਹੀ ਹੈ। ਆਪਣੀ ਅੰਤ੍ਰੀਵੀ ਉਤੇਜਨਾਂ ਤੋਂ ਪ੍ਰਭਾਵਿਤ ਹੋਈ ਉਹ ਸਾਥੀ ਚੁਣ ਰਹੀ ਹੁੰਦੀ ਹੈ। ਜਿਸ ਪ੍ਰਕਾਰ, ਮੋਰ ਦਾ ਵਿਕਾਸ ਸਰੀਰ ਦੇ ਖਿਲਵੇਂ ਰੰਗਾਂ ਵੱਲ ਨੂੰ ਅਤੇ ਇਸ ਦੀ ਸੂਤਵੀਂ ਮਨਮੋਹਕਤਾ ਵੱਲ ਨੂੰ ਹੁੰਦਾ ਰਿਹਾ, ਉਸੇ ਪ੍ਰਕਾਰ, ਨਰ ਮੱਕੜੀ ਦਾ ਵਿਕਾਸ ਛੋਟੇ ਆਕਾਰ ਵੱਲ ਨੂੰ ਅਤੇ ਸੀਲ ਸੁਭਾਓ ਵੱਲ ਨੂੰ ਹੁੰਦਾ ਰਿਹਾ। ਮੱਕੜੀ ਦੇ ਪ੍ਰਸੰਗ 'ਚ ਅਜਿਹਾ ਇਸ ਲਈ ਹੋਇਆ, ਕਿਉਂਕਿ ਸੰਭੋਗ ਉਪਰੰਤ ਮਦੀਨ ਨੇ ਨਰ ਨੂੰ ਖਾ ਜਾਣਾ ਹੁੰਦਾ ਹੈ। ਇਸੇ ਲਈ ਮਦੀਨ ਮੱਕੜੀ ਅਜਿਹੇ ਨਰ ਦੀ ਚੋਣ ਕਰਦੀ ਰਹੀ, ਜਿਸ ਨੂੰ ਖਾਣ 'ਚ ਔਕੜ ਆਉਣ ਦੀ ਘੱਟ ਸੰਭਾਵਨਾਂ ਹੁੰਦੀ ਸੀ। ਸੰਤਾਨ ਉਪਜਾਉਣ ਸਮੇਂ ਖ਼ੁਰਾਕ ਦੀ ਘਾਟ ਪੂਰੀ ਕਰਨ ਲਈ, ਮਦੀਨ ਮੱਕੜੀ ਦੇ ਨਰ ਨੂੰ ਹੜੱਪ ਕਰਨ ਦੀ ਆਦਤ ਕਾਰਨ, ਉਸ ਦੀ ਨਸਲ ਲੁਪਤ ਹੋਣੋਂ ਬਚੀ ਰਹੀ।


ਲੇਖਕ : ਡਾ. ਸੁਰਜੀਤ ਸਿੰਘ ਢਿੱਲੋਂ,
ਸਰੋਤ : ਡਾ.ਸੁਰਜੀਤ ਸਿੰਘ ਢਿੱਲੋਂ, ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1180, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.